Friday 19 September 2014

ਗੁਰ ਪਰਸਾਦਿ ਭਰਮ ਕਾ ਨਾਸੁ ॥

ਗੁਰ ਪਰਸਾਦਿ ਭਰਮ ਕਾ ਨਾਸੁ ॥

ਅੱਜ ਬੰਗਲਾ ਸਾਹਿਬ ਤੋਂ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲਿਆਂ ਨੇ ਸ਼ਰਾਧ ਤੇ ਵਿਚਾਰ ਕੀਤੀ ਕਿ ਕਿਵੇਂ ਅੱਜ ਕਹਿੰਦੇ ਕਹਾਉਂਦੇ ਸਿੱਖ ਵੀ ਸ਼ਰਾਧ ਦਾ ਭਰਮ ਕਰ ਜਾਂਦੇ ਨੇ। ਭਾਂਵੇ ਬਹੁਤੇ ਬਾਹਰੀ ਤੌਰ ਤੇ ਸ਼ਰਾਧ ਦੇ ਨਾਲ ਜੁੜੇ ਕਿਰਿਆ ਕਰਮ ਨਾ ਭੀ ਕਰਦੇ ਹੋਣ ਪਰ ਅਪਰਤਖ  ਰੂਪ ਵਿਚ ਇਸਦਾ ਭਰਮ ਜਰੂਰ ਕਰਦੇ ਹਨ।  ਸ਼ਰਾਧਾਂ ਵਾਲੇ ਦਿਨਾਂ ਵਿਚ ਕੋਈ ਵਿਰਲਾ ਹੀ ਸਿੱਖ ਵਿਆਹ, ਗ੍ਰਿਹ ਪ੍ਰਵੇਸ਼ ਜਾਂ ਕੋਈ ਹੋਰ ਖੁਸ਼ੀ ਦੇ ਕਾਰਜ ਕਰਦਾ ਦਿਖ ਆਵੇਗਾ। ਇਕ ਅਗਿਆਤ ਡਰ ਮਨ ਦੇ ਕਿਸੇ ਕੋਨੇ ਵਿਚ ਜਰੂਰ ਹੈ।  ਜਰੂਰੀ ਨਹੀਂ ਸਿਧੇ ਤੌਰ ਤੇ ਸ਼ਰਾਧ ਦਾ ਹੀ ਡਰ ਹੋਵੇ, ਸਮਾਜਿਕ ਰਹੁ ਰੀਤਾਂ ਤੋਂ ਉਲਟ ਚਲਣ ਦਾ ਹੀਆ ਨਾ ਰਖ ਪਾਉਣਾ ਭੀ ਲੁਕਿਆ ਡਰ ਹੀ ਹੈ।  

ਸ਼ਰਾਧਾਂ ਬਾਰੇ ਆਪਣੇ ਵਿਚਾਰ ਸੰਕੋਚਦੇ ਹੋਏ ਭਾਈ ਸਾਹਿਬ ਕਹਿ ਗਏ ਗੁਰੂ ਕੇ ਸਿੱਖੋ ਇਹਨਾਂ ਦਿਨਾਂ ਵਿਚ ਆਪਣੇ ਧੀਆਂ ਪੁੱਤਾਂ ਦੇ ਵਿਆਹ ਰਖੋ! ਘਰ ਦੀ ਚਠ ਕਰੋ! ਸਾਰੇ ਖੁਸ਼ੀ ਦੇ ਕਾਰਜ ਗੁਰੂ ਦਾ ਓਟ ਆਸਰਾ ਲੈਕੇ ਕਰੋ ! ਦੱਸੋ ਦੁਨੀਆ ਨੂੰ ਕਿ "ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ ॥"

ਜਿਵੇਂ ਹੀ ਮੈਂ ਭਾਈ ਸਾਹਿਬ ਦੀ ਇਹ ਗਲ ਸੁਣੀ ਇਕਦਮ ਆਪਣੇ ਸੱਚਖੰਡ ਵਾਸੀ ਪਿਤਾਜੀ "ਭਾਈ ਤਾਰਾ ਸਿੰਘ ਜੀ" ਦੀ ਯਾਦ ਆ ਗਈ। ਮੇਰੇ ਪਿਤਾਜੀ ਐਸੇ ਸਨ ਕੇ ਇਕ ਵਾਰ ਗੁਰੂ ਦੇ ਸਿੱਖ ਬਣੇ ਮੁੜ ਜਿੰਦਗੀ ਭਰ ਗੁਰਮਤ ਤੇ ਹੀ ਪਹਿਰਾ ਦਿੱਤਾ, ਕਿਸੇ ਹੋਰ ਵਲ ਝਾਕੇ ਵੀ ਨਹੀ। ਬਸ ਜਿੰਦਗੀ ਸਿੱਖੀ ਅਸੂਲਾਂ ਨੂੰ ਕਮਾਉਣ ਵਿਚ ਹੀ ਲਗਾ ਦਿੱਤੀ।  ਐਸੇ ਸਚਿਆਰ ਸਿੱਖ ਮੈਂ ਆਪਣੀ ਹੁਣ ਤਕ ਦੀ ਹਿਆਤੀ ਵਿਚ ਵਿਰਲੇ ਹੀ ਦੇਖੇ ਨੇ।  



ਗਲ ਕਰ ਰਹੇ ਸੀ ਸ਼ਰਾਧਾਂ ਦੀ ਤੇ ਇਹ ਵਾਕਿਆ ਹੈ ਜਦੋਂ ਮੇਰੇ ਵੱਡੇ ਭੈਣ ਜੀ ਦੇ ਅਨੰਦ ਕਾਰਜ ਨੀਅਤ ਹੋਏ। ਓਹਨਾਂ ਦਿਨਾਂ ਵਿਚ ਅਸੀਂ ਪਟਿਆਲੇ ਰਹਿੰਦੇ ਸੀ ਅਤੇ ਸ਼ਹਿਰ ਵਿਚ ਇਕੋ ਇਕ ਅਮਰ ਆਸ਼ਰਮ ਹੀ ਵਿਆਹ ਕਾਰਜਾਂ ਲਈ ਸਭ ਤੋਂ ਢੁਕਵਾਂ ਸਥਾਨ ਹੋਂਦਾ ਸੀ।  ਮੈਰਿਜ ਪੈਲਸਾਂ ਦਾ ਓਦੋਂ ਪ੍ਰਚਲਨ ਨਹੀਂ ਸੀ ਹੋਇਆ। ਪਿਤਾਜੀ ਅਤੇ ਪਰਿਵਾਰ ਦੇ ਹੋਰ ਸਿਆਣੇ ਅਮਰ ਆਸ਼ਰਮ ਬੁਕਿੰਗ ਕਰਵਾਉਣ ਲਈ ਪਹੁੰਚੇ।


 ਅਗੋਂ ਮੈਨੇਜਰ ਨੇ ਜਦ ਪੁਛਿਆ ਤੁਹਾਡੀ ਪਸੰਦ ਕਿਸੇ ਖਾਸ ਦਿਨ ਲਈ ਹੋਵੇ ਤਾਂ ਦੱਸੋ ਓਹੋ ਦੇਖ ਲੈਂਦੇ ਹਾਂ।  ਪਿਤਾਜੀ ਨੇ ਕਿਹਾ ਭਾਈ ਸਾਨੂੰ ਤਾਂ ਆਹ ਦੋ ਮਹੀਨਿਆਂ ਵਿਚ ਦਾ ਕੋਈ ਸ਼ਨੀਵਾਰ ਜਾਂ ਐਤਵਾਰ ਹੀ ਢੁਕੇਗਾ।  ਮੈਨੇਜਰ ਨੇ ਬਗੈਰ ਡਾਇਰੀ ਖੋਲੇ ਹੀ ਮਨ੍ਹਾ ਕਰ ਦਿੱਤਾ "ਸਰਦਾਰ ਸਾਹਿਬ ਫੇਰ ਤਾਂ ਤੁਸੀਂ ਕਿਥੇ ਹੋਰ ਇੰਤਜਾਮ ਕਰ ਲਵੋ ਸਾਡੇ ਕੋਲ ਤਾਂ ਜਨਵਰੀ ਤੋਂ ਪਹਿਲਾਂ ਕੋਈ ਸ਼ਨੀਵਾਰ ਜਾਂ ਐਤਵਾਰ ਵੇਹਲਾ ਹੈ ਨਹੀ।"

ਸਾਰੇ ਬੜੇ ਪਰੇਸ਼ਾਨ ਹੋ ਗਏ।  ਓਸ ਸੱਜਣ ਦੀ ਮਿੰਨਤ ਪਾਈ ਕੀ ਭਾਈ ਧਿਆਨ ਨਾਲ ਦੇਖ ਕੋਈ ਨਾ ਕੋਈ ਦਿਨ ਮਿਲ ਹੀ ਜਾਏਗਾ।  ਜਨਾਬ ਹੋਰੀਂ ਕਹਿੰਦੇ ਸਰਦਾਰਜੀ ਮੁਆਫ ਕਰਨਾ ਮੈਨੂੰ ਸਾਰੀ ਬੁਕਿੰਗ ਜੁਬਾਨੀ ਯਾਦ ਹੈ। ਜਨਵਰੀ ਤਕ ਕੋਈ ਛੁੱਟੀ ਵਾਲਾ ਦਿਨ ਨਹੀ ਹੈ।  ਬਾਰ ਬਾਰ ਕਹਿਣ ਤੇ ਉਸਨੇ ਡਾਇਰੀ ਦੇ ਪੰਨੇ ਪਲਟਕੇ ਦਿਖਾਉਣੇ ਸ਼ੁਰੂ ਕੀਤੇ, ਸਤੰਬਰ ਦਾ ਮਹੀਨਾ ਦਿਖਾਕੇ ਓਹਨੇ ਅਗਲੇ ਦਸ ਕੁ ਪੰਨੇ ਇੱਕਠੇ ਹੀ ਪਲਟ ਦਿੱਤੇ।  ਉਸ ਤੋਂ ਅਗਲੇ ਪੰਨੇ ਭੀ ਸਾਰੇ ਬੁਕ। ਪਰ ਪਿਤਾਜੀ ਨੇ ਦੇਖ ਲਿਆ ਸੀ ਕਿ ਜਿਹੜੇ ਦਸ ਕੁ ਪੰਨੇ ਮੈਨੇਜਰ ਨੇ ਇੱਕਠੇ ਪਰਤੇ ਸੀ ਓਹ ਸਾਰੇ ਖਾਲੀ ਸੀ।  ਜਦ ਉਸਨੂੰ ਓਹਨਾਂ ਖਾਲੀ ਪੰਨਿਆਂ ਦੇ ਭੇਤ ਬਾਰੇ ਪੁਛਿਆ ਤਾਂ ਕਹਿੰਦਾ ਓਹ ਤੁਹਾਡੇ ਕੰਮ ਦੇ ਨਹੀ।  ਸ਼ਰਾਧ ਦੇ ਦਿਨ ਨੇ ਇਸ ਕਰਕੇ ਕੋਈ ਵਿਆਹ ਸ਼ਾਦੀ ਲਈ ਬੁਕ ਨਹੀਂ ਕਰਾਉਂਦਾ।

ਸ੍ਸ੍ਚਖੰਡ ਵਾਸੀ ਭਾਈ ਤਾਰਾ ਸਿੰਘ ਜੀ 
ਪਿਤਾਜੀ ਝੱਟ ਹੱਸਕੇ ਬੋਲੇ ਹੋਰਾਂ ਵਾਸਤੇ ਕੰਮ ਦੇ ਨਹੀਂ ਹੋਣੇ, ਸਾਡਾ ਤਾਂ ਗੁਰੂ ਨੇ ਕੰਮ ਹੀ ਬੜਾ ਵਧੀਆ ਸਾਰ ਦਿਤਾ। ਪਹਿਲਾ ਸ਼ਨੀਵਾਰ ਹੀ ਸਾਡਾ ਬੁਕ ਕਰ ਦਿਓ। ਭੈਣਜੀ ਦਾ ਸੁਹਰਾ ਪਰਿਵਾਰ ਵੀ ਅੰਮ੍ਰਿਤਧਾਰੀ ਤੇ ਗੁਰਮਤ ਦੀ ਨਿਰਾਲੀ ਚਾਲ ਨੂੰ ਪ੍ਰਣਾਇਆ ਹੋਇਆ ਸੀ ਓਹਨਾਂ ਨੂੰ ਭੀ ਕਿਹੜਾ ਕੋਈ ਇਤਰਾਜ ਹੋਣਾ ਸੀ। ਸੋ ਇੰਝ ਪਹਿਲੇ ਹੀ ਸ਼ਰਾਧ ਵਾਲੇ ਦਿਨ ਸਾਡੇ ਭੈਣਜੀ ਦੇ ਅਨੰਦ ਕਾਰਜ ਬੜੀ ਚੜਦੀਕਲਾ ਵਿਚ ਗੁਰੂ ਕਿਰਪਾ ਨਾਲੇ ਹੋਏ। ਕੁਝ ਦੁਨੀਆਦਾਰੀ ਦੀ ਖਲਜਗਣ ਵਿਚ ਫਸਿਆਂ ਨੇ ਜਰੂਰ ਦੱਬੀ ਜਬਾਨ ਵਿਚ ਗਲਾਂ ਕੀਤੀਆਂ ਹੋਣੀਆਂ ਨੇ ਪਰ ਜਿਹਨਾਂ ਨੂੰ ਗੁਰਬਾਣੀ ਉਪਦੇਸ਼ "ਲੋਗ ਕੁਟੰਬ ਸਭਹੁ ਤੇ ਤੋਰੈ ਤਉ ਆਪਨ ਬੇਢੀ ਆਵੈ ਹੋ ॥" ਦ੍ਰਿੜ ਹੋਇਆ ਹੋਵੇ ਓਹ ਤਾਂ "ਬੇਪਰਵਾਹ ਸਦਾ ਰੰਗਿ ਹਰਿ ਕੈ ਜਾ ਕੋ ਪਾਖੁ ਸੁਆਮੀ ॥" ਦੇ ਆਸ਼ੇ ਗਾਉਂਦੇ ਨੇ  "ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰ ਪਰਸਾਦੇ ॥"

ਪਿਤਾਜੀ ਨੂੰ ਸੱਚਖੰਡ ਪਿਆਣਾ ਕੀਤਿਆਂ 25 ਸਤੰਬਰ ਨੂੰ 10 ਸਾਲ ਹੋ ਜਾਣਗੇ। ਪਰ ਓਹਨਾਂ ਦੇ ਨੇਕ ਗੁਣ ਅਤੇ ਗੁਰਮਤ ਦੀ ਕਮਾਈ ਸਾਡਾ ਸਦਾ ਹੀ ਮਾਰਗ ਦਰਸ਼ਨ ਕਰਦੇ ਹਨ ਜਿਸ ਕਰਕੇ ਪਿਤਾਜੀ ਸਦੀਵ ਸਾਡੇ ਵਿਚ ਹੀ ਵਿਚਰਦੇ ਰਹਿਣਗੇ
"ਓਇ ਸਦਾ ਸਦਾ ਜਨ ਜੀਵਤੇ ਜੋ ਹਰਿ ਚਰਣੀ ਚਿਤੁ ਲਾਹਿ ॥"


No comments:

Post a Comment