Tuesday, 24 November 2015

ਸਿਖਰ ਤੋਂ ਸਾਧਾਰਣ ਤਕ


ਜਦ ਵੀ ਕਿਸੇ ਸੰਸਥਾ, ਜੱਥੇਬੰਦੀ ਜਾਂ ਸਮਾਜਿਕ ਅਥਵਾ ਧਾਰਮਿਕ ਸਮੂਹ ਦਾ ਆਰੰਭ ਹੋਇਆ ਤਾਂ ਉਸ ਦਾ ਮੁਢ ਹਮੇਸ਼ਾ ਹੀ ਸਮਾਜਿਕ ਕਦਰਾਂ ਕੀਮਤਾਂ ਵਿਚ ਆਈ ਗਿਰਾਵਟ ਤੋਂ ਨਿਰਾਸ਼ ਹੋਏ ਉੱਚੀ ਸੁੱਚੀ ਅਤੇ ਦੈਵੀ ਗੁਣਾਂ ਨਾਲ ਸ਼ਿੰਗਾਰੀ ਬਿਰਤੀ ਦੇ ਸ੍ਰੇਸ਼ਟ ਮਨੁਖਾਂ ਦੀ ਪਹਿਲ ਨਾਲ ਹੀ ਹੋਇਆ। ਜਾਂ ਇੰਝ ਕਹਿ ਲਵੋ ਕਿ ਸਮਾਜ ਸੁਧਾਰ ਦੀ ਪੀੜਾ ਲੈਕੇ ਧੁਰ ਦਰਗਾਹੋੰ ਵਰੋਸਾਏ ਕਿਸੇ ਸ੍ਰੇਸ਼ਟ ਮਨੁਖ ਨੇ ਸਮੇ ਦੀ ਚਾਲ ਤੋਂ ਕੁਝ ਵਖਰਾ ਜਾਂ ਉਲਟਾ ਕੀਤਾ ਜਿਸਨੇ ਉਸਦੇ ਆਲੇ ਦੁਆਲੇ ਨੂੰ ਸਤਰਕ ਕਰਿਆ ਅਤੇ ਸਮਾਜ ਵਿਚ ਇਕ ਹਾਂ ਪੱਖੀ ਸੁਧਾਰ ਹੋਣਾ ਸ਼ੁਰੂ ਹੋਇਆ।  ਇਸ ਕ੍ਰਿਆ ਨੇ ਹੋਰ ਰੂਹਾਂ ਨੂੰ ਭੀ ਜਾਗ੍ਰਿਤ ਕਰਿਆ ਜਿਹੜੀਆਂ ਸਮਾਜ ਵਿਚ ਆਏ ਨਿਘਾਰ ਤੋਂ ਦੁਖੀ ਤਾਂ ਸਨ ਪਰ ਇੱਕਲੇ ਕੁਝ ਕਰਨ ਦਾ ਹਿਆ ਨਹੀਂ ਰਖਦੀਆਂ ਸਨ। ਧੁਰੋਂ ਜਾਗੀ ਹੋਈ ਰੂਹ ਨੇ ਹੋਰਨਾ ਨੂੰ ਜਗਾਇਆ ਅਤੇ ਸਾਰੀਆਂ ਰੂਹਾਂ ਹੁਣ ਇਕ ਰੂਪ ਹੋਕੇ ਸਮਾਜ ਸੇਵਾ ਵਿਚ ਲਗ ਗਈਆਂ। ਇਹ ਸ਼ੁਰੂਆਤ ਫਿਰ ਇਕ ਲਹਿਰ ਦਾ ਰੂਪ ਧਾਰਨ ਕਰ ਗਈ ਜਿਸਨੇ ਅਗੋਂ ਹੋਰ ਵਧੇਰੇ ਲੁਕਾਈ ਨੂੰ ਕਲਹ ਵਿਚੋਂ ਨਿਕਲਕੇ ਆਤਮਿਕ ਸੁਖ ਮਾਨਣ ਦਾ ਸੁਭਾਗ ਦਿੱਤਾ।

ਕਾਲਾਂਤਰ ਵਿਚ ਐਸੇ ਸਮਾਜਿਕ ਜਾਂ ਧਾਰਮਿਕ ਸਮੂਹ ਫਿਰ ਇਕ ਰਸਮੀ ਜਥੇਬੰਦੀ ਦਾ ਰੂਪ ਧਾਰਨ ਕਰਦੀਆਂ ਹਨ, ਆਮ ਕਰਕੇ ਇਹ ਰੂਪਾਂਤਰਨ ਐਸੀ ਸਮਾਜਿਕ ਅਥਵਾ ਧਾਰਮਿਕ ਲਹਿਰ ਦੇ ਕਾਰਕ ਸਖਸ਼ੀਅਤ ਦੇ ਜੀਵਨਕਾਲ ਵਿਚ ਨਹੀਂ ਹੋਂਦਾ ਕਿਓੰਕੇ ਓਹ ਤਾਂ ਸਿਰਫ ਅਤੇ ਸਿਰਫ ਸੇਵਾ ਨੂੰ ਸਮਰਪਿਤ ਸਨ ਅਤੇ ਰਸਮੀ ਕਿਰਿਆਵਾਂ ਨੂੰ ਕਰਮ ਵਿਚ ਰੁਕਾਵਟ ਮੰਨਦੀਆਂ ਸਨ।
ਜਿਹੜੇ ਮਨ ਮੇਲੀਆਂ ਨੇ ਮਿਲਕੇ ਸ਼ੁਰੂਆਤ ਕਰੀ ਸੀ ਓਹਨਾ ਦੀ ਜੀਵਨ ਸ਼ੈਲੀ ਵਿਚ ਬਹੁਤ ਕੁਝ ਸਾਂਝਾ ਸੀ ਜਾਂ ਫਿਰ ਇਕਠਿਆਂ ਸੇਵਾ ਕਰਦਿਆਂ ਇਕ ਦੂਜੇ ਦੇ ਪ੍ਰਭਾਵ ਨਾਲ ਇਕ ਸੁਰ ਹੋ ਗਏ।  ਕਾਲਾਂਤਰ ਵਿਚ ਜਿਹੜੇ ਹੋਰ ਪਿਆਰ ਵਾਲੇ ਜੁੜਦੇ ਗਏ ਓਹ ਭੀ ਉਸ ਇਕਸੁਰਤਾ ਵਿਚ ਪਰੋਏ ਗਏ ਅਤੇ ਸਮੂਹ ਵਿਚ ਇਕੋ ਜਿਹੇ ਹੀ ਦਿੱਸਦੇ ਹਨ। ਕਿਓਂ ਜੋ ਓਹਨਾਂ ਦੇ ਦਰਸ਼ਨ ਅਤੇ ਕਰਤਵ ਭੀ ਇੱਕੋ ਜਿਹੇ ਹੀ ਹੋਂਦੇ ਹਨ।  ਐਸੀ ਸਾਰੀਆਂ ਹੀ ਸਮਾਜਿਕ ਜਾਂ ਧਾਰਮਿਕ ਸਮੂਹਾਂ ਨੇ ਸਮਾਜ ਵਿਚ ਆਈ ਵਿਚਾਰਾਂ ਦੀ ਅਤੇ ਕਰਮਾਂ ਦੀ ਖੜੋਤ ਨੂੰ ਹੂਲਨਾ ਦੇਕੇ ਨਵੀਂ ਕ੍ਰਾਂਤੀ ਲਿਆਂਦੀ ਜਿਸਦਾ ਉਸ ਸਮਾਜਿਕ ਦਾਇਰੇ ਵਿਚ ਬੜਾ ਹੀ ਹਾਂ ਪੱਖੀ ਪ੍ਰਭਾਵ ਦ੍ਰਿਸ਼ਟੀ ਗੋਚਰ ਪ੍ਰਤਖ ਹੋਇਆ।
ਐਸੀਆਂ ਲਗਭਗ ਸਾਰੀਆਂ ਹੀ ਜਥੇਬੰਦੀਆਂ ਵਿਚ ਇਕ ਸਮਾਨਤਾ ਇਹ ਰਹੀ ਕਿ ਬਾਅਦ ਵਿਚ ਨਾਲ ਜੁੜਨ ਵਾਲਿਆਂ ਨੇ ਅਰੰਭਕ ਕ੍ਰਾਂਤੀਕਾਰੀਆਂ ਦੀ ਸੇਵਾ ਅਤੇ ਉੱਚੇ ਸੁੱਚੇ ਆਦਰਸ਼ਾਂ ਵਾਲੇ ਪੱਖ ਦੇ ਨਾਲ ਨਾਲ ਜੀਵਨਸ਼ੈਲੀ ਨੂੰ ਭੀ ਅਪਣਾਇਆ। ਕਾਲਾਂਤਰ ਵਿਚ ਜੁੜੇ ਕਈਆਂ ਨੇ ਅਰੰਭਕ ਦੌਰ ਵਿਚ ਸਿਰਜੇ ਸਮਾਜਿਕ ਅਥਵਾ ਧਾਰਮਿਕ ਕਾਰਜਾਂ ਨਾਲੋਂ ਹੌਲੀ ਹੌਲੀ ਓਸ ਜੀਵਨਸ਼ੈਲੀ ਦੀ ਪ੍ਰਧਾਨਤਾ ਨੂੰ ਜਿਆਦਾ ਤਰਜੀਹ ਦੇਣੀ ਕਰੀ ਕਿਓਂਕਿ ਇਹ ਗੁਣ ਜਾਤੀ ਤੌਰ ਤੇ ਕਮਾਉਣਾ ਸੌਖਾ ਹੈ ਅਤੇ ਸਮੂਹ ਵਿਚ ਵਿਸ਼ੇਸ਼ ਪਹਿਚਾਨ ਬਣਾਉਣ ਵਿਚ ਸਹਾਇਕ ਭੀ।
ਜਿਹੜੇ ਸਮਾਜਿਕ ਅਥਵਾ ਧਾਰਮਿਕ ਕਾਰਜ ਅਤੇ ਉੱਚੇ ਸੁੱਚੇ ਆਦਰਸ਼ ਜਥੇਬੰਦੀ ਦੀ ਮੁਢਲੀ ਪਹਿਚਾਨ ਸਨ ਓਹ ਆਮ ਕਰਕੇ ਜਮਾਤੀ ਕਰਮ ਹੋਂਦਾ ਹੈ ਅਤੇ ਉਸ ਵਿਚ ਆਪਣੀ ਵਿਅਕਤੀਗਤ ਪਹਿਚਾਣ ਨੂੰ ਓਹਲੇ ਰਖਕੇ ਸੁਮੱਚੇ ਸਮਾਜ ਦੀ ਭਲਾਈ ਮੁਖ ਪ੍ਰਯੋਜਨ ਰਹਿੰਦਾ ਹੈ। ਇਹ ਤਾਂ ਆਪਣੀ ਹਉ ਨੂੰ ਖਤਮ ਕਰਨਾ ਹੋਇਆ ? ਪਰ ਆਪਣੀ ਅਹੰ ਨੂੰ ਮਾਰਨਾ ਇਕ ਯੋਧੇ ਦਾ ਹੀ ਕੰਮ ਹੈ!!


 "ਨਾਨਕ ਸੋ ਸੂਰਾ ਵਰੀਆਮੁ ਜਿਨਿ ਵਿਚਹੁ ਦੁਸਟੁ ਅਹੰਕਰਣੁ ਮਾਰਿਆ ॥"

ਇਸ ਦਾ ਅਸਰ ਇਹ ਹੋਇਆ ਕੇ ਲੰਮੇ ਸਮੇ ਤੋਂ ਬਾਅਦ ਐਸੀ ਹਰ ਇਕ ਜਮਾਤ ਜਾਂ ਜਥੇਬੰਦੀ ਵਿਚ ਕਰਮ ਨਾਲੋਂ ਜੀਵਨਸ਼ੈਲੀ ਦੀ ਮਹਾਨਤਾ ਵਧਦੀ ਗਈ ਅਤੇ ਜੀਵਨਸ਼ੈਲੀ ਪ੍ਰਤੀ ਦਿੜਤਾ ਯੋਗਤਾ ਦੀ ਲਖਾਇਕ। ਜੀਵਨਸ਼ੈਲੀ ਬੌਧਿਕਤਾ ਦਾ ਵਿਸ਼ਾ ਨਹੀਂ ਹੈ, ਬਸ ਦੇਖਾ ਦੇਖੀ ਕਿਸੇ ਦੂਜੇ ਦਾ ਅਨੁਸਰਣ ਹੀ ਕਰਨਾ ਹੈ, ਕੋਈ ਬਹੁਤੀ ਵਿਚਾਰ ਲੋੜੀਂਦੀ ਨਹੀਂ। ਇਸ ਲਈ ਕਿਸੇ ਭੀ ਸਮੂਹ ਵਿਸ਼ੇਸ਼ ਵਿਚ ਸਮਾ ਪਾਕੇ ਜੀਵਨਸ਼ੈਲੀ ਦੀ ਪ੍ਰਧਾਨਤਾ ਐਨੀ ਵਧਦੀ ਹੈ ਕਿ ਉਸ ਜਮਾਤ ਦੀ ਮੁਢਲੀ ਪਹਿਚਾਣ ਬਣ ਜਾਂਦੀ ਹੈ। ਜੀਵਨਸ਼ੈਲੀ ਆਪਣੇ ਆਪ ਵਿਚ ਕੋਈ ਹੇਚ ਗੁਣ ਨਹੀਂ ਹੈ ਜੇਕਰ ਇਸਦੇ ਨਾਲ ਬੌਧਿਕਤਾ ਅਥਵਾ ਵਿਚਾਰਾਂ ਦਾ ਸੁਮੇਲ ਹੋਵੇ। ਹਰ ਵਿਚਾਰਵਾਨ ਮਨੁਖ ਸੁਤੇ ਸਿਧ ਹੀ ਸਾਦਗੀ ਨੂੰ ਪ੍ਰਣਾਇਆ ਜਾਂਦਾ ਹੈ ਅਤੇ ਉਸਦੇ ਸੰਪਰਕ ਵਿਚ ਆਉਣ ਵਾਲੇ ਹਰ ਜੀਵਨ ਨੂੰ ਬਗੈਰ ਕਿਸੇ ਸ਼ਬਦ ਜਾਂ ਛੋਹ ਤੋਂ ਪ੍ਰਭਾਵਿਤ ਕਰਦਾ ਹੈ।  ਇਸ ਦੇ ਉਲਟ ਜਦੋਂ ਜੀਵਨ ਵਿਚੋਂ ਵਿਚਾਰ ਦਾ ਅਭਾਵ ਹੋ ਜਾਏ ਅਤੇ ਸਿਰਫ ਸ਼ੈਲੀ ਰਹਿ ਜਾਏ ਤਾਂ ਉਸ ਵਿਚ ਕਠੋਰਤਾ ਪ੍ਰਵੇਸ਼ ਕਰਦੀ ਹੈ ਜੋ ਨੇੜਲਿਆਂ ਨੂੰ ਭੀ ਦੂਰ ਕਰ ਦੇਂਦੀ ਹੈ।

ਜਮਾਤ ਵਿਚ ਫੋਕੀ ਜੀਵਨਸ਼ੈਲੀ ਦੀ ਪ੍ਰਧਾਨਤਾ ਜਮਾਤੀਆਂ ਨੂੰ ਸਧਾਰਨਤਾ ਵਲ ਧਕੇਲਦੀ ਹੈ। ਸਿਖਰ ਤੋਂ ਸਧਾਰਨ ਤਕ ਦਾ ਸਫਰ ਨਿਵਾਣ ਦਾ ਹੈ ਅਤੇ ਇਸਦੀ ਗਤੀ ਭੀ ਬੜੀ ਤੇਜੀ ਨਾਲ ਵਧਦੀ ਹੈ।  ਹੋਂਦਾ ਕੁਝ ਇੰਝ ਹੈ ਕਿ ਜਦ ਕਿਸੇ ਜਮਾਤ ਵਿਚ ਕੇਵਲ ਜੀਵਨਸ਼ੈਲੀ ਹੀ ਉਸਦੀ ਪਹਿਚਾਣ ਬਣ ਜਾਂਦੀ ਹੈ ਤਾਂ ਇਹ ਉਸਦੇ ਪ੍ਰਬੰਧਕ ਢਾਂਚੇ ਵਿਚ ਭੀ ਪ੍ਰਵੇਸ਼ ਕਰਦੀ ਹੈ।  ਇਸ ਮੁਕਾਮ ਤੇ ਉਸ ਜਮਾਤ ਵਿਚ ਵਿਚਾਰ ਨੂੰ ਦੋਏਮ ਕਰ ਦਿੱਤਾ ਜਾਂਦਾ ਹੈ ਜਿਸਦੇ ਸਿੱਟੇ ਵੱਜੋਂ ਵਿਚਾਰਵਾਨ ਜਮਾਤੀਆਂ ਦੀ ਗਿਣਤੀ ਘਟਨਾ ਸ਼ੁਰੂ ਹੋਂਦੀ ਹੈ।  ਇਸ ਦਾ ਸਿੱਧਾ ਸਿੱਧਾ ਕਾਰਨ ਹੈ ਕੇਵਲ ਫੋਕੀ ਜੀਵਨਸ਼ੈਲੀ ਆਪਣੇ ਆਪ ਵਿਚ ਸਾਧਾਰਣ ਹੈ ਅਤੇ ਓਹ ਸਾਧਾਰਨਤਾ ਨੂੰ ਵਧਾਉਂਦੀ ਹੈ। ਸੰਸਾਰ ਦੀ ਇਕ ਹੋਰ ਵਿਡੰਬਣਾ ਕਿ ਆਮ ਕਰਕੇ ਮਨੁਖ ਆਪਣੇ ਨਾਲੋਂ ਵਧ ਸਿਆਣੇ ਤੋਂ  ਭੈ ਕਰਦਾ ਹੈ ਕਿਓਂ ਜੋ ਓਹ ਸਿਆਣਪ ਦੇ ਪਰਛਾਵੇਂ ਵਿਚ ਛੋਟਾ ਦਿਖਦਾ ਹੈ।  ਏਹੋ ਅੰਦਰਲਾ ਡਰ ਉਸਨੂੰ ਆਪਣੇ ਦੁਆਲੇ ਸਾਧਾਰਨਤਾ ਦੀ ਵਾੜ ਖੜੀ ਕਰਨ ਲਈ ਮਜਬੂਰ ਕਰਦਾ ਹੈ। ਐਸਾ ਹੀ ਵਰਤਾਰਾ ਉਸ ਜਮਾਤ ਨਾਲ ਭੀ ਹੋਂਦਾ ਹੈ ਜਿੱਥੇ ਕੇਵਲ ਫੋਕੀ ਜੀਵਨਸ਼ੈਲੀ ਦੀ ਪ੍ਰਧਾਨਤਾ ਵਿਚਾਰ ਤੇ ਹਾਵੀ ਹੋ ਜਾਂਦੀ ਹੈ। ਇੰਝ ਕਰਨ ਲਈ ਫੋਕੀ ਜੀਵਨਸ਼ੈਲੀ ਦੀ ਦਿੜਤਾ, ਸਹੀ ਮਾਇਨੇ ਵਿਚ ਕਟੜਤਾ, ਨੂੰ ਜਮਾਤ ਦੀ ਅਗਵਾਈ ਦੀ ਯੋਗਤਾ ਦੇ ਰੂਪ ਵਿਚ ਪ੍ਰਚਾਰਿਆ ਜਾਂਦਾ ਹੈ।

ਵੀਚਾਰ ਚੁਪ ਹੋਂਦੀ ਹੈ ਅਤੇ ਫੋਕੀ ਜੀਵਨਸ਼ੈਲੀ ਬੜਬੋਲੀ।  
ਵਿਚਾਰ ਰੋਲ ਖਚੋਲੇ ਤੋਂ ਦੂਰੀ ਬਣਾ ਲੈਂਦੀ ਹੈ ਅਤੇ ਇੰਝ ਉਸ ਉਚੇਰੇ ਸਮਾਜਿਕ ਅਥਵਾ ਧਾਰਮਿਕ ਉਦੇਸ਼ ਅਤੇ ਆਦਰਸ਼ ਜਿੱਥੋਂ ਜਮਾਤ ਦਾ ਮੁਢ ਬਣਿਆ ਸੀ ਉਸਤੇ ਕੇਵਲ ਫੋਕੀ ਜੀਵਨਸ਼ੈਲੀ ਪੂਰਨ ਰੂਪ ਵਿਚ ਹਾਵੀ ਹੋ ਜਾਂਦੀ ਹੈ।  ਵਿਚਾਰਵਾਨ ਜੋ ਸਾਧਾਰਨਤਾ ਦੇ ਉਭਾਰ ਨੂੰ ਸਹੀ ਸਮੇ ਤੇ ਠੱਲ ਨਹੀਂ ਸਕੇ ਅਤੇ ਉਸਦੇ ਬੜਬੋਲਾਂ ਤੋਂ ਕਿਨਾਰਾ ਕਰਕੇ ਸਮਰਪਣ ਕਰ ਦਿੱਤਾ ਓਹ ਹੁਣ ਉਡੀਕ ਕਰਨ ਲਗੇ ਐਸੇ ਧੁਰ ਦਰਗਾਹੋੰ ਵਰੋਸਾਏ ਆਤਮ ਦਰਸ਼ੀ ਨੂੰ ਜੋ ਓਹਨਾਂ ਨੂੰ ਨਿਰਾਸਤਾ ਵਿਚੋਂ ਕਢ ਕੇ ਆਤਮਿਕ ਸੁਖ ਤਕ ਪਹੁੰਚਾਉਣ ਵਿਚ ਸਹਾਈ ਹੋਵੇ।

Note :- 
ਬਹੁਤਿਆਂ ਨੂੰ ਉਪਰ ਪੜੇ ਵਿਚਾਰਾਂ ਵਿਚ ਆਪੋ ਆਪਣੀ ਸੰਗਤ, ਜਿਸ ਵਿਚ ਓਹ ਆਮ ਕਰਕੇ ਵਿਚਰਦੇ ਹਨ, ਦੀ ਤਰਜਮਾਨੀ ਹੋਂਦੀ ਲਗੇਗੀ।  ਪਰ ਲਿਖਦਿਆਂ ਹੋਇਆਂ ਕਿਸੇ ਸੰਸਥਾ ਵਿਸੇਸ਼ ਦਾ ਧਿਆਨ ਰੱਖਕੇ ਨਹੀਂ ਲਿਖਿਆ ਗਿਆ।  ਕੋਈ ਭੀ ਸਮਾਨਤਾ ਸੁਭਾਵਿਕ ਹੈ ਅਤੇ ਸ਼ਾਇਦ ਇਸ ਗਲ ਦਾ ਸੰਕੇਤ ਜਿਸ ਧਾਰਮਿਕ ਜਾਂ ਸਮਾਜਿਕ ਸਮੂਹ ਵਿਚ ਆਪਜੀ ਵਿਚਰ ਰਹੇ ਹੋ ਸੰਭਵ ਹੈ ਕਿ ਓਹ ਮੁਢਲੇ ਆਦਰਸ਼ਾਂ ਤੋਂ ਥਿੜਕ ਰਿਹਾ ਹੈ ਅਤੇ ਸਮੇ ਰਹਿੰਦੇ ਇਸ ਢਹਿੰਦੀਕਲਾ ਨੂੰ ਠ੍ਹਲ ਪਾਉਣ ਦੀ ਲੋੜ ਹੈ।