Friday, 17 April 2015

ਅਭੁੱਲ ਵੈਸਾਖੀ ਸਮਾਗਮ !

ਅਭੁੱਲ ਵੈਸਾਖੀ ਸਮਾਗਮ !

ਗੁਰੂ ਸਾਹਿਬ ਜੀ ਦੀ ਅਪਾਰ ਰਹਿਮਤ ਨਾਲ ਐਂਤਕੀ ਅੰਮ੍ਰਿਤਸਰ ਅਖੰਡ ਕੀਰਤਨ ਰੈਣਸਬਾਈ ਸਮਗਾਮ ਦਾ ਸੁਭਾਗ ਮਿਲਿਆ। ਗੁਰਦਵਾਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਚ ਸੰਗਤਾਂ ਦਾ ਹੜ ਆਇਆ ਹੋਇਆ ਸੀ।  ਉਸਤੋਂ ਭੀ ਅਲੋਕਿਕ ਵਰਤਾਰਾ ਸਾਰੀ ਸੰਗਤ ਦਾ ਗੁਰੂ ਕੇ ਕੀਰਤਨੀਆਂ ਦੇ ਨਾਲ ਨਾਲ ਗੁਰੂ ਦੀ ਉਸਤਤ ਉੱਚੀ ਸੁਰ ਵਿਚ ਇਕਰਸ ਗਾਉਣਾ ।  ਅਗੰਮੀ ਹੁਲਾਰੇ ਸੁਰਤ ਨੂੰ ਗੁਰੂ ਚਰਨਾਂ ਵਿਚ ਮੁੜ ਮੁੜ ਲੈ ਜਾਂਦੇ ਸੀ।

2015 ਅੰਮ੍ਰਿਤਸਰ ਸਾਹਿਬ ਰੈਣਸਬਾਈ ਸਮਗਾਮ ਦੇ ਅਲੋਕਿਕ ਦਰਸ਼ਨ 
ਐਧਰ ਕੀਰਤਨ ਦੀਆਂ ਧੁਨੀਆਂ ਉਮੜ ਉਮੜ ਆਉਂਦੀਆਂ ਓਧਰ ਇਕ੍ਕ੍ਤੀਹ ਸਾਲ ਪਹਿਲਾਂ ਦੀਆਂ ਯਾਦਾਂ ਮਨ ਨੂੰ ਹੋਰ ਵਿਸਮਾਦ ਵਿਚ ਲੈ ਲੈ ਜਾਂਦੀਆਂ।  ਧੰਨ ਗੁਰੂ ਗ੍ਰੰਥ ਸਾਹਿਬ ਜੀਆਂ ਨੇ ਸੰਜੋਗ ਐਸਾ ਬਣਾਇਆ ਕਿ ਕੀਰਤਨ ਦੀਵਾਨ ਵਿਚ ਲਗਭਗ ਉਸੇ ਸਥਾਨ ਤੇ ਚੌਂਕੜੇ ਲੁਆਏ ਜਿਥੇ ਉਸ ਅਭੁਲ ਵੈਸਾਖੀ ਦੀ ਯਾਦਾਂ ਦੀਆਂ ਤੰਦਾ ਜੁੜੀਆਂ ਹੋਈਆਂ ਹਨ।

ਤਦ ਮੈਂ ਪਟਿਆਲਾ ਆਪਣੀ ਮਾਸੀਜੀ ਕੋਲ ਰਹਿੰਦੀਆਂ B.Sc. ਦੀ ਪੜਾਈ ਕਰਦਾ ਸੀ।  ਬਾਕੀ ਸਾਰਾ ਪਰਿਵਾਰ ਧਨਬਾਦ (ਬਿਹਾਰ) ਰਹਿੰਦਾ ਸੀ।  ਪੰਜਾਬ ਦੇ ਹਾਲਾਤ ਚੰਗੇ ਨਹੀ ਸਨ ਅਤੇ ਰਾਤ ਦਾ ਕਰਫਿਊ ਜਿਵੇਂ ਪੰਜਾਬੀਆਂ ਲਈ ਜਿੰਦਗੀ ਦਾ ਅੰਗ ਹੀ ਬਣ ਗਿਆ ਸੀ। ਮੇਰਾ ਸ਼ਾਮ ਦਾ ਪੱਕਾ ਨੇਮ ਗੁਰਦਵਾਰਾ ਦੁਖਨਿਵਾਰਨ ਸਾਹਿਬ ਰਹਿਰਾਸ ਤੋਂ ਬਾਅਦ ਕੀਰਤਨ ਚੌਂਕੀ ਦੀ ਹਾਜਰੀ ਭਰਨਾ ਹੋਦਾ ਸੀ।  ਅਸੀਂ ਅਠ ਦਸ ਸਿੰਘਾਂ ਨੇ ਨਿਸ਼ਾਨ ਸਾਹਿਬ ਦੇ ਸਾਹਮਣੇ ਖੁਲੇ ਵਿਚ ਬੈਠਣਾ। ਸਾਰੇ ਹੀ ਸਿੰਘ ਕਿਰਤੀ ਸਨ, ਮੈਂ ਹੀ ਇਕਲਾ ਪਾੜ੍ਹਾ ਅਤੇ ਸਾਰੀਆਂ ਤੋਂ ਨਿੱਕਾ ਸੀ ਜਿਸ ਕਰਕੇ ਮੈਨੂੰ ਬੜਾ ਪਿਆਰ ਕਰਦੇ।

1984 ਦੇ ਵੈਸਾਖੀ ਸਮਾਗਮ ਆ ਗਏ। ਦੁਖਨਿਵਾਰਨ ਸਾਹਿਬ ਵਾਲੇ ਲਗਭਗ ਸਾਰੇ ਹੀ ਸਿੰਘਾਂ ਨੇ ਸਮਗਾਮ ਦੀਆਂ ਤਿਆਰੀਆਂ ਕਰ ਲਈਆਂ ਪਰ ਹਾਲਾਤਾਂ ਨੂੰ ਦੇਖਦਿਆਂ ਮਾਸੀਜੀ ਮੈਨੂੰ ਸਮਾਗਮ ਤੇ ਜਾਣ ਦੀ ਆਗਿਆ ਨਹੀਂ ਦਿੱਤੀ। ਪਿਤਾਜੀ ਦੀ ਸਰਕਾਰੀ ਕਿਰਤ ਦੇ ਕਾਰਨ ਸਾਰਾ ਬਚਪਨ ਪੰਜਾਬ ਤੋਂ ਬਾਹਰ ਹੀ ਬੀਤਿਆ ਸੀ ਪਰ ਹੁਣ ਪਹਿਲੀ ਬਾਰ ਪੰਜਾਬ ਵਿਚ ਰਹਿਕੇ ਭੀ ਅੰਮ੍ਰਿਤਸਰ ਸਾਹਿਬ ਤੋਂ ਵਾਂਝੇ ਰਹਿਣਾ ਮਨ ਨੂੰ ਉਦਾਸ ਕਰੀ ਜਾ ਰਿਹਾ ਸੀ। ਇਸ ਵੇਦਨਾ ਵਿਚ ਇਕ ਲੇਖ "ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ" ਭੀ ਸੂਰਾ ਪਤ੍ਰਿਕਾ ਨੂੰ ਲਿਖ ਘਲਿਆ ਜਿਹੜਾ ਮਈ 1984 ਦੇ ਅੰਕ ਵਿਚ ਛਪ ਵੀ ਗਿਆ।

ਖੈਰ 12 ਅਪ੍ਰੈਲ ਦੀ ਸ਼ਾਮ ਨੇਮ ਅਨੁਸਾਰ ਦੁਖਨਿਵਾਰਨ ਸਾਹਿਬ ਗਿਆ।  ਸਾਡੇ ਰੋਜ ਦੇ ਨੀਅਤ ਸਥਾਨ ਤੇ ਅੱਜ ਕੋਈ ਭੀ ਨਹੀਂ ਮਿਲਿਆ।  ਮਨ ਹੋਰ ਭੀ ਉਦਾਸ ਹੋ ਗਿਆ ਤੇ ਸਾਥੀ ਸਿੰਘਾਂ ਦੇ ਸਮਾਗਮ ਦੇ ਅਨੰਦ ਮਾਣਦਿਆਂ ਦੇ ਚਿਤ੍ਰ ਵੀਚਾਰ ਵਿਚ ਪਰਤਖ ਹੋ ਹੋ ਜਾਣ।  ਇੰਝ ਹੀ ਕੀਰਤਨ ਦੀ ਸਮਾਪਤੀ ਹੋ ਗਈ ਅਤੇ ਗੁਰੂ ਸਾਹਿਬ ਨੂੰ ਨਮਸਕਾਰ ਕਰਕੇ ਜਦ ਉਠਿਆ ਤਾਂ ਸਾਮਨੇ ਭਾਈ ਕੁਲਦੀਪ ਸਿੰਘ ਜੀ ਦੇ ਦਰਸ਼ਨ ਹੋਏ।

ਗੁਰਮੁਖ ਪਰਉਪਕਾਰੀ ਭਾਈ ਕੁਲਦੀਪ ਸਿੰਘ ਜੀ (ਸ਼ਹੀਦ)

ਭਾਈ ਕੁਲਦੀਪ ਸਿੰਘ ਬੜੇ ਹੀ ਪਿਆਰੇ ਸਿੰਘ ਸਨ।  ਆਪ ਜੀ ਰੇਲਵੇ ਪੁਲੀਸ ਵਿਚ ਛੋਟੇ ਥਾਨੇਦਾਰ ਸਨ ਪਰ ਜੀਵਨ, ਚਿੱਕੜ ਵਿਚ ਕਮਲ ਦੀ ਨਿਆਈਂ, ਬਹੁਤ ਹੀ ਨਿਰਮਲ ਤੇ ਗੁਰਮਤ ਨੂੰ ਪ੍ਰਣਾਇਆ ਹੋਇਆ।  ਛੇ ਫੁਟ ਤੋਂ ਉਪਰ ਕਦ, ਗੁੰਦਵਾਂ ਸ਼ਰੀਰ ਅਤੇ ਗੋਰਾ ਨਿਛੋਹ ਹਸੂੰ ਹਸੂੰ ਕਰਦਾ ਚਿਹਰਾ ਮਨ ਨੂੰ ਮੋਹ ਲੈਣ ਵਾਲੀ ਤਬੀਅਤ ਦੇ ਮਲਿਕ ਸਨ ਭਾਈ ਸਾਹਿਬ ਜੀ।  ਮੈਨੂੰ ਦੇਖਦੇ ਹੀ ਪੁਛਦੇ "ਅੰਮ੍ਰਿਤਸਰ ਸਾਹਿਬ ਸਮਾਗਮ ਤੇ ਨਹੀਂ ਗਏ?" ਜਦ ਮੈਂ ਦਸਿਆ ਕਿ ਮਾਸੀਜੀ ਐਸੇ ਸਮੇ ਵਿਚ ਭੇਜਣ ਦਾ ਫਿਕਰ ਕਰਦੇ ਨੇ ਇਸ ਲਈ ਨਹੀ ਜਾ ਸਕਦਾ।  ਅਗੋਂ ਕਹਿੰਦੇ "ਮੇਰੇ ਨਾਲ ਜਾਣ ਦੇਣਗੇ?" ਮੈਂ ਕਿਹਾ ਸ਼ਾਇਦ ਤੁਹਾਡੀ ਜਿੰਮੇਵਾਰੀ ਤੇ ਆਗਿਆ ਮਿਲ ਜਾਏ।  ਭਾਈ ਸਾਹਿਬ ਨੇ ਇਹ ਕਿਹਕੇ ਕਿ ਤਿਆਰੀ ਕਰੋ ਮੈਂ ਆਉਂਦਾ ਹਾਂ ਆਪਣੇ ਸਾਇਕਿਲ ਤੇ ਵਾਹੋ ਧਾਹੀ ਨਿਕਲ ਗਏ।

ਮੈਂ ਅੰਮ੍ਰਿਤਸਰ ਸਾਹਿਬ ਸਮਾਗਮ ਦੀ ਹਾਜਰੀਆਂ ਭਰਨ ਦੀ ਨਵੀਂ ਨਵੀਂ ਜਾਗੀ ਉਮੀਦ ਨਾਲ ਖੀਵਾ ਹੋਇਆ ਪਤਾ ਨਹੀੰ ਲਗਾ ਕਦੋਂ ਘਰ ਪਹੁੰਚ ਗਿਆ।  ਘਰਦਿਆਂ ਤੋਂ ਅਪੋਛਲੇ ਇਕ ਝੋਲੇ ਵਿਚ ਜੋੜੀ ਵਸਤਰਾਂ ਦੀ ਪਾਕੇ ਲਗਾ ਵੀਰਜੀ ਦਾ ਇੰਤਜਾਰ ਕਰਨ। ਮੁੜ ਮੁੜ ਬਾਹਰ ਨਿਕਲ ਕੇ ਦੇਖਦਿਆਂ ਦੇਖਦਿਆਂ ਰਾਤ ਦਾ ਕਰਫਿਊ ਭੀ ਲਾਗੂ ਹੋ ਗਿਆ।  ਜਿਵੇਂ ਹੀ ਆਸ ਟੁਟਣ ਲੱਗੀ ਭਾਈ ਕੁਲਦੀਪ ਸਿੰਘ ਜੀ ਨੇ ਆ ਦਰਵਾਜ਼ਾ ਖੜਕਾਇਆ।  ਪੁਲਿਸ ਦੀ ਵਰਦੀ ਵਿਚ ਭਾਈ ਸਾਹਿਬ ਨੂੰ ਦੇਖਕੇ ਘਰਦੇ ਹੈਰਾਨ ਸਨ ਉਪਰੋਂ ਓਹਨਾਂ ਮੇਰੇ ਵਲ ਇਸ਼ਾਰਾ ਕਰਦਿਆਂ ਇਹ ਕਹਿਕੇ ਕਿ ਸਿੰਘ ਨੂੰ ਲੈ ਜਾਣ ਲਈ ਆਏ ਹਾਂ ਸਭ ਨੂੰ ਪਰੇਸ਼ਾਨੀ ਵਿਚ ਪਾ ਦਿੱਤਾ। ਪਰ ਛੇਤੀ ਪਛਾਣ ਹੋ ਗਈ ਅਤੇ ਮੈਨੂੰ ਅੰਮ੍ਰਿਤਸਰ ਸਾਹਿਬ ਸਮਾਗਮ ਤੇ ਜਾਣ ਦੀ ਆਗਿਆ ਮਿਲ ਗਈ।

ਭਾਈ ਕੁਲਦੀਪ ਸਿੰਘ ਜੀ  ਮੈਨੂੰ ਸਾਇਕਲ ਦੇ ਪਿਛੇ ਬਿਠਾਇਆ ਅਤੇ ਰੇਲਵੇ ਸਟੇਸ਼ਨ ਨੂੰ ਲੈ ਤੁਰੇ। ਮੈਨੂੰ ਉਤਾਰਕੇ "ਮੈਂ ਆਇਆ" ਕਹਿਕੇ ਭਾਈ ਸਾਹਿਬ ਬਾਹਰੋਂ ਹੀ ਫੇਰ ਮੁੜ ਗਏ। ਜਦ ਮੈਂ ਪਲੇਟਫਾਰਮ ਤੇ ਪਹੁੰਚਿਆ ਤਾਂ ਦੇਖਿਆ 4-5 ਸਿੰਘ ਸਿੰਘਣੀਆ ਪਹਿਲੋਂ ਹੀ ਆਏ ਬੈਠੇ ਸੀ। ਫਤਿਹ ਬੁਲਾਈ ਤੇ ਸੁਖਸਾਂਦ ਕੀਤਿਆਂ ਪਤਾ ਲਗਿਆ ਕਿ ਓਹਨਾਂ ਸਾਰਿਆਂ ਨੂੰ ਭਾਈ ਸਾਹਿਬ ਇਕ ਇਕ ਕਰਕੇ ਘਰੋਂ ਘਰੀਂ ਜਾਕੇ ਸਾਇਕਲ ਤੇ ਸਟੇਸ਼ਨ ਲਿਆਏ ਸਨ। ਕਿਓਂਕਿ ਰਾਤ ਕਰਫਿਊ ਲਗ ਚੁਕਾ ਸੀ, ਅਸੀਂ ਆਪ ਆ ਨਹੀਂ ਸੀ ਸਕਦੇ, ਇਸ ਲਈ ਭਾਈ ਕੁਲਦੀਪ ਸਿੰਘ ਜੀ ਬਾਰੀ ਬਾਰੀ ਸਭ ਦੇ ਘਰ ਗਏ ਅਤੇ ਆਪਣੀ ਸਾਇਕਲ ਦੇ ਡੰਡੇ ਜਾਂ ਕੈਰੀਅਰ ਤੇ ਬੈਠਾ ਕੇ ਸਭ ਨੂੰ ਸਟੇਸ਼ਨ ਤਕ ਲਿਆਏ। ਮੈਨੂੰ ਸਟੇਸ਼ਨ ਛਡਕੇ ਵੀਰ ਹੋਰੀਂ ਆਖਰੀ ਗੇੜੇ ਭਾਈ ਸਾਹਿਬ ਸੁਰਜੀਤ ਸਿੰਘ ਜੀ ਨੂੰ ਲੈਣ ਕੜਾਹ ਵਾਲੇ ਚੌਕ ਤਕ ਗਏ।
ਧੰਨ ਗੁਰਸਿਖੀ !! ਧੰਨ ਗੁਰੂ ਕੇ ਸਿੱਖ !!!

ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚਣਾ ਅਤੇ ਸਮਾਗਮ ਦੇ ਲਾਹੇ

ਕੁਝ ਚਿਰ ਬਾਅਦ ਟ੍ਰੇਨ ਆ ਗਈ ਜਿਸ ਰਾਹੀਂ ਅਸੀਂ ਰਾਜਪੁਰੇ ਪਹੁੰਚੇ ਓਥੋਂ ਗੱਡੀ ਬਦਲਕੇ ਸਵੇਰੇ ਸਵੇਰੇ ਅੰਮ੍ਰਿਤਸਰ ਸਾਹਿਬ ਪਹੁੰਚ ਗਏ
। ਦਰਬਾਰ ਸਾਹਿਬ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਕੇ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੇ ਨਤਮਸਤਕ ਹੋਏਫੇਰ ਨਗਰ ਕੀਰਤਨ ਦੀਆਂ ਹਾਜਰੀਆਂ ਭਰੀਆਂ। ਦਰਬਾਰ ਸਾਹਿਬ ਸਮੂਹ ਵਿਚ ਬੇਅੰਤ ਸੰਗਤਾਂ ਦੇ ਦਰਸ਼ਨ ਹੋ ਰਹੇ ਸਨ। ਮੰਜੀ ਸਾਹਿਬ ਦੀਵਾਨ ਅਸਥਾਨ ਤੇ ਧਰਮ ਜੁਧ ਮੋਰਚੇ ਵਿਚ ਸ਼ਾਮਿਲ ਹੋਣ ਆਈਆਂ ਸੰਗਤਾ ਦਾ ਹੜ ਆਇਆ ਹੋਇਆ ਸੀ। ਅਸੀਂ ਸ੍ਰੀ ਅਕਾਲ ਤਖਤ ਸਾਹਿਬ, ਗੁਰੂ ਨਾਨਕ ਨਿਵਾਸ ਅਤੇ ਹੋਰ ਕਈ ਸਥਾਨਾਂ ਤੇ ਸੰਘਰਸ਼ ਵਿਚ ਜੂਝ ਰਹੇ ਸੂਰਮਿਆਂ ਦੇ ਦਰਸ਼ਨ ਕੀਤੇ। ਗੁਰੂ ਨਾਨਕ ਨਿਵਾਸ ਵਿਖੇ ਮਿਠਾਈ ਛਕਣ ਨੂੰ ਮਿਲੀ, ਸ਼ਾਇਦ ਭਾਈ ਸੁਲਖਣ ਸਿੰਘ ਜੀ ਦੇ ਅਨੰਦ ਕਾਰਜ ਹੋਏ ਸਨ।
ਪਤਾ ਹੀ ਨਹੀਂ ਲਗਾ ਕਦੋਂ ਦਿਨ ਬਤੀਤ ਹੋ ਗਿਆ ਅਤੇ ਰੈਨਸਬਾਈ ਕੀਰਤਨ ਆਰੰਭ ਹੋ ਗਏ ਅਤੇ ਮੈਂ ਭੀ ਪਟਿਆਲੇ ਦੇ ਬਾਕੀ ਸਿੰਘਾਂ ਨਾਲ 
ਮੰਜੀ ਸਾਹਿਬ ਪਹੁੰਚ ਗਿਆ. 

ਬੈਸਾਖੀ 1984 ਰੈਣਸਬਾਈ ਕੀਰਤਨ: ਇਕ ਅਦਭੁਤ ਯਾਦਗਾਰ 

1984 ਅੰਮ੍ਰਿਤਸਰ ਸਾਹਿਬ ਰੈਣਸਬਾਈ ਕੀਰਤਨ ਦੇ ਦਰਸ਼ਨ 

ਓਹ ਇਕ ਅਲੌਕਿਕ ਰੈਣ ਸਬਾਈ ਕੀਰਤਨ ਸਮਾਗਮ ਸੀ, ਦੀਵਾਨ ਅਸਥਾਨ ਸੰਗਤਾਂ ਨਾਲ ਭਰਿਆ ਹੋਇਆ ਸੀ। ਅਸੀਂ ਗੁਰੂ ਸਾਹਿਬ ਦੇ ਸੱਜੇ, ਕੀਰਤਨੀਆਂ ਦੇ ਬਿਲਕੁਲ ਸਾਹਮਣੇ ਬੈਠੇ ਸੀ।  ਸੰਘਰਸ਼ ਵਿਚ ਜੁੜੇ ਸੂਰਬੀਰ ਸਿੰਘਾਂ ਦੇ ਜਥੇ ਇਕ ਇਕ ਕਰਕੇ ਸਮਾਗਮ ਅਸਥਾਨ ਤੇ ਸ਼ਸਤਰਾਂ ਨਾਲ ਸ਼ਿੰਗਾਰੇ ਆ ਰਹੇ ਸੀ।  ਸਭਨਾਂ ਦੀ ਆਭਾ ਦੇਖਿਆਂ ਹੀ ਬਣਦੀ ਸੀ।  ਬੱਬਰ ਖਾਲਸਾ ਦੇ ਸਿੰਘ ਸਾਡੇ ਤੋਂ ਥੋੜਾ ਹੀ ਅਗੇ ਅਡੋਲ ਚੌਕੜੇ ਮਾਰਕੇ ਬੈਠੇ ਹੋਏ ਸੀ।  ਓਹਨਾਂ ਯੋਧਿਆਂ ਦੇ ਕੇਸਰੀ ਖਾਲਸਾਈ ਦੁਮਾਲਿਆਂ ਵਾਲੀ ਦਿਖ ਮਨ ਨੂੰ ਮੋਹ ਲੈਣ ਵਾਲੀ ਸੀ।  

ਦਾਰਜੀ ਭਾਈ ਜੋਗਿੰਦਰ ਸਿੰਘ ਜੀ ਤਲਵਾੜਾ,  ਭਾਈ ਸੰਤੋਖ ਸਿੰਘ ਜੀ, ਬੀਬੀ ਦਲਜੀਤ ਕੌਰ ਜੀ ਅਤੇ ਹੋਰਨਾ ਨੇ ਅਨੰਦਮਈ ਕੀਰਤਨ ਨਾਲ ਵਿਸਮਾਦੀ ਵਾਤਾਵਰਨ ਸਿਰਜ ਦਿਤਾ।  ਫਿਰ ਸਮਾ ਆਇਆ ਜਦ ਦੂਲਾ ਵੀਰਜੀ ਕੀਰਤਨ ਦੀ ਸੇਵਾ ਲਈ ਆਏ।  ਭਾਈ ਅਮੋਲਕ ਸਿੰਘ ਸਿੰਘ ਜੀ ਜੋੜੀ ਤੇ ਸਾਥ ਦੇ ਰਹੇ ਸਨ।  ਅਗਲੇ ਲਗਭਗ ਡੇਢ ਘੰਟੇ ਤਕ ਅਜਬ ਕਲਾ ਵਰਤੀ। ਕੀਰਤਨ ਅਤੇ ਸਿਮਰਨ ਦੀਆਂ ਵਿਸਮਾਦੀ ਧੁਨੀਆਂ ਨਾਲ ਮਾਨੋ ਸਾਰੀ ਸੰਗਤ ਸਚਖੰਡੀ  ਮੰਡਲਾਂ ਦਾ ਅਨੰਦ ਮਾਨ ਰਹੀ ਸੀ।  

  • ਸਾਚੀ ਪ੍ਰੀਤਿ ਹਮ ਤੁਮ ਸਿਉ ਜੋਰੀ ॥
  • ਜਿਉ ਮਛੁਲੀ ਬਿਨੁ ਪਾਣੀਐ ਕਿਉ ਜੀਵਣੁ ਪਾਵੈ ॥
  • ਮੋਹਿ ਮਛੁਲੀ ਤੁਮ ਨੀਰ ਤੁਝ ਬਿਨੁ ਕਿਉ ਸਰੈ ॥
  • ਰੈਨਿ ਬਬੀਹਾ ਬੋਲਿਓ ਮੇਰੀ ਮਾਈ ॥
  • ਸਿਆਮ ਸੁੰਦਰ ਤਜਿ ਨੀਦ ਕਿਉ ਆਈ ॥
  • ਇਸੁ ਗ੍ਰਿਹ ਮਹਿ ਕੋਈ ਜਾਗਤੁ ਰਹੈ ॥

ਇਕ ਇਕ ਸ਼ਬਦ ਅਤੇ ਨਾਲ ਗੁਰਮੰਤਰ ਦੀ ਧੁਨੀਆਂ ਹਿਰਦੇ ਨੂੰ ਧੁਰ ਅੰਦਰ ਤਕ ਵਿੰਨ੍ਹਦੇ ਜਾਂਦੇ ਸੀ।  ਜਦ ਵੀਰਜੀ ਨੇ "ਸਿਆਮ ਸੁੰਦਰ ਤਜਿ ਨੀਦ ਕਿਉ ਆਈ ॥" ਸ਼ਬਦ ਅਰੰਭਿਆ ਤਾਂ ਉਸ ਵੇਲੇ ਦਾ ਨਜਾਰਾ ਅੱਜ ਭੀ ਅਖਾਂ ਦੇ ਸਾਹਮਣੇ ਪ੍ਰਤਖ ਹੋਂਦਾ ਜਾਂਦਾ ਹੈ।  ਸੰਗਤ ਵਿਚ ਕੁਝ ਸ਼ਰੀਰ ਥੱਕ ਕੇ ਲੰਮੇ ਪੈ ਗਏ ਸੀ। ਜਿਵੇਂ ਹੀ ਸ਼ਬਦ ਦਾ ਗਾਇਨ ਸ਼ੁਰੂ ਹੋਇਆ ਦੋ ਬੱਬਰ ਖਾਲਸਾ ਜਥੇਬੰਦੀ ਦੇ ਸਿੰਘ ਸਮੇਤ ਅਗਨ ਸ਼ਸਤਰਾਂ ਦੇ ਉਠ ਖੋਲਤੇ, ਨਾਲ ਨਾਲ ਸ਼ਬਦ ਗਾਉਂਦੇ ਜਾਣ ਅਤੇ ਲੰਮੇ ਪਿਆਂ ਨੂੰ ਉਠਾਲੀ ਜਾਣ। ਬੜੇ ਪਿਆਰ ਨਾਲ ਕੀਰਤਨ ਵਲ ਇਸ਼ਾਰਾ ਕਰਕੇ ਢਿੱਲੇ ਪਿਆਂ ਨੂੰ ਗਾਇਨ ਹੋ ਰਹੀ ਗੁਰਬਾਣੀ ਨਾਲ ਜੋੜੀ ਜਾਣ। ਇਹ ਸਤਰਾਂ ਲਿਖਦਿਆਂ ਇਕੀਹ ਸਾਲ ਪਹਿਲਾਂ ਦਾ ਓਹ ਨਜਾਰਾ ਮੈਂ ਜਿਵੇਂ ਪ੍ਰਤਖ ਅਤੇ ਸਜੀਵ ਦੇਖ ਰਿਹਾਂ ਹਾਂ ਓਹ ਸ਼ਬਦਾਂ ਦੀ ਪਕੜ ਵਿਚ ਆਉਣਾ ਔਖਾ ਹੈ।  ਕੈਸੇ ਪਰਉਪਕਾਰੀ ਸਿੰਘ ਸਨ!! ਆਪ ਤਾਂ ਕੀਰਤਨ ਦਾ ਰਸ ਮਾਣ ਹੀ ਰਹੇ ਸਨ ਪਰ ਐਨੇ ਸੁਚੇਤ ਸਨ ਕਿ ਹੋਰਨਾ ਨੂੰ ਭੀ ਸਾਵਧਾਨ ਕਰ ਰਹੇ ਸਨ। 

1984 ਅੰਮ੍ਰਿਤਸਰ ਸਾਹਿਬ ਰੈਣਸਬਾਈ ਕੀਰਤਨ ਦੇ ਦਰਸ਼ਨ 

ਰੈਣਸਬਾਈ ਕੀਰਤਨ ਸਮਾਗਮ ਦੀ ਸਮਾਪਤੀ ਤੋਂ ਬਾਅਦ ਦਿਨੇ ਥੋੜਾ ਵਿਸ਼ਰਾਮ ਕਰਕੇ ਅਸੀਂ ਸਾਰਿਆਂ ਨੇ ਦਰਬਾਰ ਸਾਹਿਬ ਜੀ ਦੀਆਂ ਹਾਜਰੀਆਂ ਭਰੀਆਂ।  ਅੰਦਰ ਬੈਠਣ ਨੂੰ ਥਾਂ ਨਾ ਮਿਲੀ ਤਾਂ ਬਾਹਰ ਬੈਠ ਕੇ ਕੀਰਤਨ ਸਰਵਣ ਕਰ ਰਹੇ ਸੀ ਕਿ ਕੀ ਦੇਖਦੇ ਹਾਂ ਬੱਬਰ ਸਿੰਘਾਂ ਦਾ ਇਕ ਜੱਥਾ ਸਮੇਤ ਜਥੇਦਾਰ ਦੇ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਆਏ। ਐਸੀ ਖੇਡ ਬਣੀ ਕਿ ਓਹ ਸਾਰੇ ਹੀ ਸਿੰਘ ਐਨ ਸਾਡੇ ਨਾਲ ਹੀ ਆਕੇ ਬਿਰਾਜਮਾਨ ਹੋ ਗਏ।  ਓਹਨਾਂ ਸੂਰਬੀਰਾਂ ਨੂੰ ਦੇਖ ਦੇਖ ਮਨ ਖੀਵਾ ਹੋਈ ਜਾਵੇ।

ਉਸ ਰਾਤ ਵੀਰ ਕੁਲਦੀਪ ਸਿੰਘ ਜੀ ਮੁੜ ਸਾਨੂੰ ਸਾਰਿਆਂ ਨੂੰ ਰੇਲ ਰਾਹੀਂ ਪਟਿਆਲੇ ਲੈ ਆਏ।  ਥੋੜਾ ਹੀ ਸਮੇ ਬਾਅਦ ਦਰਬਾਰ ਸਾਹਿਬ ਤੇ ਹਮਲਾ ਹੋਗਿਆ।  ਪਹਿਲਾਂ ਭਾਈ ਮਹਿੰਗਾ ਸਿੰਘ ਜੀ ਦੀ ਸਹਾਦਤ ਦੀ ਖਬਰ ਆਈ ਮੁੜ ਸਾਰੇ ਪੰਜਾਬ ਵਿਚ ਕਰਫਿਊ ਲਗ ਗਿਆ। 3-4 ਜੂਨ ਦੀ ਰਾਤ ਗੁਰਦਵਾਰਾ ਦੁਖਨਿਵਾਰਨ ਸਾਹਿਬ ਤੇ ਜਾਲਿਮ ਸਰਕਾਰ ਨੇ ਫੌਜੀ ਹਮਲਾ ਕੀਤਾ।  ਓਹ ਸਾਰੀ ਰਾਤ ਅਸੀਂ ਛਤ ਤੇ ਬੈਠਕੇ ਗੋਲੀਆਂ ਅਤੇ ਤੋਪ ਦੀ ਅਵਾਜਾਂ ਅਤੇ ਚਾੰਦਮਾਰੀ ਦੀ ਰੌਸ਼ਨੀ ਵਿਚ ਕੱਟੀ।  ਕਦੇ ਐਧਰ ਦੁਖਨਿਵਾਰਨ ਸਾਹਿਬ ਅੰਦਰ ਘਿਰਿਆਂ ਸੰਗਤਾਂ ਵਲ ਖਿਆਲ ਜਾਵੇ ਅਤੇ ਕਦੇ ਅੰਮ੍ਰਿਤਸਰ ਸਾਹਿਬ ਹੋ ਰਹੀ ਅਨਹੋਣੀ ਹਿਰਦੇ ਨੂੰ ਅਸਿਹ ਪੀੜਾ ਨਾਲ ਬੇਹਾਲ ਕਰ ਜਾਵੇ। ਮੁੜ ਮੁੜ ਧਿਆਨ ਓਹਨਾ ਜੋਧਿਆਂ ਵਲ ਜਾਵੇ ਜਿਹਨਾਂ ਨੂੰ ਹਾਲੀ ਚਾਲੀ ਕੁ ਦਿਨ ਪਹਿਲਾਂ ਹੀ ਦੇਖ ਦੇਖ ਕੇ ਹਿਰਦਾ ਅਗੰਮੀ ਖੁਸ਼ੀ ਮਹਿਸੂਸ ਕਰਦਾ ਸੀ। ਕਰਫਿਊ ਦੇ ਘਿਰੇ, ਆਪਣੀ ਘਰ ਦੀ ਚਾਰ ਦੀਵਾਰੀ ਅੰਦਰ ਵਾਹਿਗੁਰੂ ਅਗੇ ਸੂਰਮਿਆਂ ਦੀ ਚੜਦੀਕਲਾ ਲਈ ਅਰਦਾਸ ਤੋਂ ਵਧ ਕੁਝ ਕਰ ਵੀ ਨਹੀੰ ਸਕਦੇ ਸੀ।

ਭਾਈ ਕੁਲਦੀਪ ਸਿੰਘ ਜੀ 
ਸਾਕਾ ਨੀਲਾ ਤਾਰਾ ਤੋਂ ਬਾਅਦ ਸਰਕਾਰੀ ਨੌਕਰੀ ਦੇ ਬਾਵਜ਼ੂਦ ਸੰਘਰਸ਼ ਦਾ ਹਿੱਸਾ ਬਣ ਗਏ। ਕਾਫੀ ਚਿਰ ਗੁਪਤ ਵਰਤਦੇ ਰਹੇ ਪਰ ਮੁੜ ਭੇਤ ਖੁਲ ਗਿਆ ਅਤੇ ਗ੍ਰਿਫਤਾਰ ਹੋ ਗਏ।  ਕੁਝ ਚਿਰ ਜੇਲ੍ਹ ਵਿਚ ਰਹੇ ਫਿਰ ਜਮਾਨਤ ਤੇ ਰਿਹਾ ਹੋਕੇ ਆ ਗਏ। ਇਕ ਦਿਨ ਆਪਣੀ ਸਿੰਘਣੀ ਨਾਲ ਸਾਇਕਲ ਤੇ ਸ਼ਾਮ ਨੂੰ ਗੁਰਦਵਾਰਾ ਦੁਖਨਿਵਾਰਨ ਸਾਹਿਬ ਨੇਮ ਅਨੁਸਾਰ ਹਾਜਰੀ ਭਰਨ ਜਾ ਰਹੇ ਸਨ ਕਿ ਸਰਕਾਰੀ ਕਾਲੀ ਬਿਲੀਆਂ ਨੇ ਦੋਨਾਂ ਨੂੰ ਬਸ ਅੱਡੇ ਤੋਂ ਅਗੇ ਰੇਲਵੇ ਫਾਟਕ ਲੰਘਦਿਆਂ ਸ਼ਹੀਦ ਕਰ ਦਿਤਾ।  ਜਿਨ੍ਹਾਂ ਸੂਰਮਿਆਂ ਦੇ ਦਰਬਾਰ ਸਾਹਿਬ ਸਮੂਹ ਅੰਦਰ ਦਰਸ਼ਨ ਹੋਏ ਸਨ ਓਹ ਵੀ ਸਾਰੇ ਪੰਥ ਨੂੰ ਪ੍ਰਵਾਨ ਚੜੇ ਅਤੇ ਕੁਝ ਕੁਝ ਸਮਾ ਪਾਕੇ ਸ਼ਹੀਦੀਆਂ ਦੇ ਜਾਮ ਪੀਕੇ ਕੌਮੀ ਬੂਟੇ ਨੂੰ ਖੂਨ ਨਾਲ ਸਿੰਜ ਕੇ ਪੂਰੀ ਪਾ ਗਏ।