ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ ॥
ਕਿਸ ਨਾਲ ਸਾਂਝ ? ਕਿਹੜੇ ਗੁਣ ? ਕਿਹੜੇ ਅਵਗੁਣ ?
ਜਦ ਕਦੇ ਅਸੀਂ ਕਿਸੇ ਵਿਅਕਤੀ ਵਿਸ਼ੇਸ਼ ਜਾਂ ਸੰਸਥਾ ਦੀਆਂ ਕਮਜੋਰੀਆਂ ਅਤੇ ਗੈਰ ਸਿਧਾਂਤਕ ਕਰਤਵਾਂ (ਚਾਹੇ ਗੁਰਮਤ ਦੀ ਕਸਵਟੀ ਜਾਂ ਫਿਰ ਸਥਾਪਿਤ ਇਨਸਾਨੀ ਕਦਰਾਂ ਕੀਮਤਾਂ ਤੇ) ਦੀ ਗਲ ਕਰਦੇ ਹਾਂ ਤਾਂ ਅਕਸਰ ਇਹ ਸੁਣਨ ਨੂੰ ਮਿਲ ਜਾਂਦਾ ਹੈ ਕਿ "ਛਡੋ ਜੀ ਆਪਾਂ ਕੀ ਲੈਣਾ, ਸਾਨੂੰ ਤਾਂ ਚੰਗੇ ਗੁਣਾਂ ਦੀ ਸਾਂਝ ਪਾਉਣੀ ਚਾਹੀਦੀ ਹੈ "। ਇਹ ਕਹਿੰਦਿਆਂ ਗੁਰਬਾਣੀ ਦਾ ਆਸਰਾ ਲੈਕੇ ਇਸ ਦਲੀਲ ਦੀ ਪ੍ਰੋੜਤਾ ਇੰਝ ਕੀਤੀ ਜਾਂਦੀ ਹੈ: "ਸਾਂਝ ਕਰੀਜੈ ਗੁਨਹ ਕੇਰੀ ਛੋਡ ਅਵਗਨ ਚਲੀਏ"।
ਗੁਰਬਾਣੀ ਦੀ ਇਸ ਪੰਕਤੀ ਦੇ ਇਹੋ ਜਿਹੇ ਅਰਥ (ਅਨਰਥ) ਕਰਦਿਆਂ ਧੀਰੇ ਧੀਰੇ ਅਸੀਂ ਕਈ ਐਸੇ ਸਮਝੌਤੇ ਕਰ ਲਏ ਜਿਹੜੇ ਖਾਲਸਾ ਪੰਥ ਦੀ ਨਿਆਰੀ ਹਸਤੀ ਅਤੇ ਹੋਂਦ ਉਤੇ ਗ੍ਰਹਣ ਬਣਦੇ ਜਾ ਰਹੇ ਹਨ। ਓਹਨਾਂ ਸਮਝੌਤਿਆਂ ਬਾਰੇ ਗਲ ਕਰਨ ਤੋਂ ਪਹਿਲਾਂ ਆਓ ਇਸ ਗੁਰਬਾਣੀ ਪੰਕਤੀ ਤੇ ਵੀਚਾਰ ਕਰੀਏ ਅਤੇ ਉਸ ਲਈ ਸੰਪੂਰਨ ਪਦੇ ਦਾ ਪਾਠ ਕਰਨਾ ਜਰੂਰੀ ਹੈ।
ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥
ਜੇ ਗੁਣ ਹੋਵਨ੍ਹਿ ਸਾਜਨਾ ਮਿਲਿ ਸਾਝ ਕਰੀਜੈ ॥
ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ ॥
ਪਹਿਰੇ ਪਟੰਬਰ ਕਰਿ ਅਡੰਬਰ ਆਪਣਾ ਪਿੜੁ ਮਲੀਐ ॥
ਜਿਥੈ ਜਾਇ ਬਹੀਐ ਭਲਾ ਕਹੀਐ ਝੋਲਿ ਅੰਮ੍ਰਿਤੁ ਪੀਜੈ ॥
ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥੩॥
ਇਸ ਪਦੇ ਦੀ ਪਹਿਲੀ ਤੁਕ ਵਿਚ ਗੁਰੂ ਸਾਹਿਬ ਇਕ ਅਨੂਪਮ ਵਾਸੁਲੇ (ਡੱਬੇ) ਦੀ ਗਲ ਕਰ ਰਹੇ ਹਨ।
ਐਸਾ ਵਾਸੁਲਾ ਜਿਸ ਵਿਚ ਸਿਰਫ ਸੁਗੰਧੀ ਹੀ ਹੋਵੇ !
ਗੁਣ ਹੀ ਗੁਣ ਹੋਣ, ਕੋਈ ਅਵਗੁਣ ਨਹੀ !!
ਗੁਣ ਹੀ ਗੁਣ ਹੋਣ, ਕੋਈ ਅਵਗੁਣ ਨਹੀ !!
ਕੀ ਕੋਈ ਸੰਸਾਰੀ ਜੀਵ ਯਾ ਜੀਵਾਂ ਦਾ ਸਮੂਹ ਇਸ ਤਰਾਂ ਦਾ ਹੋ ਸਕਦਾ ਹੈ ਜਿਸ ਵਿਚ ਸਿਰਫ ਤੇ ਸਿਰਫ ਗੁਣ ਹੀ ਹੋਣ ? ਇਕ ਭੀ ਅਵਗੁਣ ਨਹੀ?
ਜਵਾਬ ਦੋ ਟੂਕ ਸਪਸ਼ਟ ਹੈ: ਨਹੀਂ !! ਗੁਰਮਤ ਅਨੁਸਾਰ ਇਹ ਸੰਭਵ ਨਹੀ।
ਐਸਾ ਤਾਂ ਸਿਰਫ ਅਕਾਲ ਪੁਰਖ ਵਾਹਿਗੁਰੂ ਜੀ ਜਾਂ ਨਿਰੰਕਾਰ ਸਰੂਪ ਗੁਰੂ ਨਾਨਕ ਜੋਤ ਹੀ ਹੋ ਸਕਦੇ ਹਣ ਜਿਨ੍ਹਾ ਵਿਚ ਕੋਈ ਅਵਗੁਣ ਨਾ ਹੋਵੇ। ਗੁਰੂ ਦੀ ਵਰੋਸਾਈ ਸਤਿਸੰਗਤ ਵਿਚ ਗੁਰੂ ਸਾਹਿਬ ਵਸਦੇ ਹਨ, ਤਾਂਤੇ ਸਤਿਸੰਗਤ ਭੀ ਐਸਾ ਸੁਗੰਧੀ ਵਾਲਾ ਵਾਸੁਲਾ (ਡੱਬਾ) ਹੈ ਜਿਸ ਵਿਚ ਹੀ ਸਾਰੇ ਗੁਣ ਹੀ ਹੈਨ ! ਕੋਈ ਅਵਗੁਣ ਨਹੀ !!
ਐਥੇ "ਛੋਡਿ ਅਵਗਣ ਚਲੀਐ" ਦਾ ਅਰਥ ਬਣਦਾ ਹੈ ਆਪਣੇ ਅਵਗੁਣ ਛਡਣਾ ਅਰਥਾਤ ਗੁਰੂ ਸਾਹਿਬ ਜਾਂ ਗੁਰੂ ਦੀ ਵਰੋਸਾਈ ਸਤਿਸੰਗਤ ਨਾਲ ਸਾਂਝ ਕਰਕੇ ਆਪਣੇ ਅਵਗੁਣ ਤਿਆਗਣੇ। "ਛੋਡਿ ਚਲੀਏ" ਦਾ ਅਰਥ ਭੀ ਏਹੋ ਬਣਦਾ ਹੈ ਕਿ ਆਪਣਾ ਕੁਝ ਛਡ ਕੇ ਅਗਾਂਹ ਨੂੰ ਵਧਣਾ ਨਾ ਕਿ ਕਿਸੇ ਹੋਰ ਦੀ ਕੋਈ ਵਸਤੂ ਨੂੰ ਛਡ ਜਾਣਾ।
ਪਿਛਲੇ ਸਮੇ ਵਿਚ "ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ" ਦੇ ਅਨੁਚਿਤ ਅਰਥ ਕਰਦਿਆਂ ਕੁਝ ਐਸੇ ਸਮਝੌਤੇ ਹੋਏ ਜੋ ਪੰਥਕ ਮਾਨ ਮਰਯਾਦਾ ਦਾ ਹਾਣ ਕਰ ਗਏ ਅਤੇ ਕਈ ਬਾਰ ਪਹਿਲੋਂ ਕੀਤੇ ਪੰਥਕ ਫੈਸਲਿਆਂ ਦੀ ਤੌਹੀਨ ਭੀ।
ਕੂਕੇ ਅਥਵਾ ਨਾਮਧਾਰੀ
Gurbani kirtan in praise of dehdhaari guru |
ਇਹ ਸੰਪਰਦਾ ਗੁਰੂ ਗ੍ਰੰਥ ਸਾਹਿਬ ਦੀ ਸ਼ਰੀਕ ਬਣੀ ਬੈਠੀ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹੁਕਮ ਦੀ ਉਲੰਘਣਾ ਕਰਦੀ ਇਹ ਸੰਪਰਦਾ ਦੇਹਧਾਰੀ ਗੁਰੂ ਪਰੰਪਰਾ ਨੂੰ ਲਗਾਤਾਰ ਚਲਾ ਰਹੀ ਹੈ। ਇਹਨਾਂ ਦਾ ਮੁਖੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਚਵਰ, ਛਤਰ ਅਤੇ ਗੱਦੀ ਲਗਾਕੇ ਬੈਠਦਾ ਹੈ। ਇਸ ਦੇ ਉਪਾਸ਼ਕ ਗੁਰਬਾਣੀ ਦਾ ਗਾਇਨ ਇਸ ਨੂੰ ਸਨਮੁਖ ਰਖਕੇ ਕਰਦੇ ਹਨ। ਜਿਸ ਕਾਰਨ ਪੰਥਕ ਫੈਸਲਾ ਇਹਨਾਂ ਕੂਕਿਆਂ ਨਾਲ ਕਿਸੇ ਪਰਕਾਰ ਦੀ ਸਾਂਝ ਨਾ ਰਖਣ ਦਾ ਹੈ। ਅਕਾਲ ਤਖਤ ਸਾਹਿਬ ਤੋਂ ਇਹਨਾਂ ਨੂੰ ਪੰਥ ਦਾ ਅੰਗ ਨਹੀ ਸਵੀਕਾਰ ਕੀਤਾ ਗਿਆ।
ਪਰ ਇਸ ਸੰਪਰਦਾ ਦੀ ਇਕ ਖੂਬੀ ਹੈ "ਪੁਰਾਤਨ ਗੁਰਮਤ ਸੰਗੀਤ" ਦੀ ਸੰਭਾਲ। ਇਹਨਾਂ ਵਿਚ ਗੁਰਮਤ ਸੰਗੀਤ ਦੇ ਤੰਤੀ ਸਾਜਾਂ ਦੀ ਮੁਹਾਰਤ ਭੀ ਹੈ। ਕੁਝ ਕੁ ਸਮੇ ਤੋਂ ਗੁਰਮਤ ਸੰਗੀਤ ਦੀ ਆੜ ਵਿਚ ਕੂਕਿਆਂ ਦੀ ਪੰਥਕ ਸਫਿਆਂ ਵਿਚ ਘੁਸਪੈਠ ਹੋ ਗਈ ਹੈ। ਹਾਲ ਇਹ ਹੋ ਗਏ ਨੇ ਕਿ ਅਕਾਲ ਤਖਤ ਸਾਹਿਬ ਦੀ ਦਹਲੀਜ਼ ਤੋਂ ਕੁਝ ਹੀ ਦੂਰੀ ਤੇ ਦਰਬਾਰ ਸਾਹਿਬ ਸਮੂਹ ਵਿਚ ਹੀ ਗੁਰਦਵਾਰਾ ਮੰਜੀ ਸਾਹਿਬ ਅਸਥਾਨ ਤੇ ਹਰ
who accepted kookey on panthic stages? |
ਹੁਣੇ ਹੀ ਇਸ ਗੁਰੂ ਘਰ ਦੀ ਸ਼ਰੀਕ ਸੰਪਰਦਾ ਦਾ ਇਕ ਧੜਾ ਆਪਣੇ ਅਖੌਤੀ ਸਤਿਗੁਰੂ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਦੇਣ ਆਇਆ (ਹਾਂਜੀ ਇਸ ਦੇ ਪੈਰੋਕਾਰਾਂ ਨੇ ਬਿਲਕੁਲ ਇੰਝ ਹੀ ਪਰਚਾਰ ਕੀਤਾ ਸੀ)।
ਪਾਣੀ ਸਿਰੋੰ ਓਦੋਂ ਲੰਘ ਗਿਆ ਜਦ ਜੁਗੋ ਜੁਗ ਅਟਲ ਸ੍ਰੀ ਗੁਰੂ ਗਰੰਥ ਸਾਹਿਬ ਦੇ ਇਸ ਸ਼ਰੀਕ ਬਣੀ ਬੈਠੇ ਨੂੰ ਸ਼੍ਰਮੋਣੀ ਕਮੇਟੀ ਦੇ ਇਕ ਨਾਮਵਰ ਮੈਂਬਰ ਨੇ ਆਪ ਸਵਾਗਤ ਕੀਤਾ ਨਾਲੇ ਅਤਿ ਸਤਿਕਾਰ ਨਾਲ ਦਰਬਾਰ ਸਾਹਿਬ ਤਕ ਲੈਕੇ ਗਿਆ। ਪਰ ਇਸ ਨਾਲੋ ਵੀ ਵਧ ਦੁਖਦਾਈ ਕਰਮ ਇਹ ਹੋਇਆ ਕਿ ਅਕਾਲ ਤਖ਼ਤ ਦਾ ਜਥੇਦਾਰ ਕਹਾਉਂਦੀ ਸਖਸ਼ੀਅਤ ਪੰਥਕ ਮਾਨ ਮਰਿਆਦਾ ਨੂੰ ਛਿੱਕੇ ਟੰਗ ਕੇ ਬੜੀ ਨਿਰਲਜ੍ਜ੍ਤਾ ਨਾਲ ਇਸਨੂੰ ਗਲਵਕੜੀ ਪਾਕੇ ਮਿਲਿਆ।
ਇਹਨਾਂ ਕੂਕਿਆਂ ਨਾਲ ਸਾਂਝ ਭਿਆਲੀ ਪਾਉਂਦੇ ਸਾਰੇ ਸੱਜਣ ਗੁਰਬਾਣੀ ਦੇ ਅਨਰਥ ਕਰਦੇ ਹੋਏ "ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ" ਦੀ ਦੁਹਾਈ ਦੇਈ ਜਾਂਦੇ ਨੇ।
ਡੇਰੇਦਾਰ ਤੇ ਮਨਮਤੀਏ
ਅੱਜ ਬੇਸ਼ੁਮਾਰ ਡੇਰੇ "ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ" ਦੀ ਆੜ ਲੈਕੇ ਪੰਥ ਦਾ ਅਭਿੰਨ ਅੰਗ ਬਣ ਗਏ ਨੇ। ਇਹ ਸਾਰੇ ਕਿਸੇ ਨਾ ਕਿਸੇ ਪ੍ਰਕਾਰ ਪੰਥ ਦੇ ਨਿਆਰੇਪਣ ਨੂੰ ਢਾਹ ਲਾਕੇ ਬਿਪਰਨ ਕੀ ਰੀਤ, ਮੂਰਤੀ ਪੂਜਾ, ਯੋਗ ਮਤ ਆਦਿ ਨੂੰ ਪੰਥਕ ਮਰਿਆਦਾ ਵਿਚ ਵਾੜਨ ਵਿਚ ਕਾਫੀ ਹਦ ਤਕ ਕਾਮਯਾਬ ਹੋ ਗਏ ਹਨ। ਕਿਧਰੇ ਗੁਰੂ ਨਾਨਕ ਸਾਹਿਬ ਜੀ ਦੀ ਤਥਾਕਥਿਤ ਤਸਵੀਰ ਨੂੰ ਪੂਜਿਆ ਜਾ ਰਿਹਾ ਹੈ , ਕੋਈ ਕੁੰਡਲਨੀ ਯੋਗ ਨੂੰ ਗੁਰਮਤ ਦਸ ਰਿਹਾ ਹੈ , ਇਕ ਭਗਵੇ ਕਪੜੇ ਪਾਉਂਦੇ ਨੇ ਤੇ ਅਮ੍ਰਿਤ ਵਿਚ ਨਿਸਚਾ ਨਹੀ ਰਖਦੇ , ਸਾਡਾ ਜਥੇਦਾਰ ਕਹਾਉਂਦਾ "ਨਾਨਕ ਨਿਰਮਲ ਪੰਥ ਚਲਾਇਆ" ਦੇ ਅਨਰਥ ਕਰਕੇ ਹਿੰਦੂ ਰਹੁਰੀਤਾਂ ਨੂੰ ਸਮਰਪਿਤ ਵਰਗ ਨੂੰ ਪੰਥ ਦਾ ਅਨਿਖੜਵਾਂ ਅੰਗ ਦਸਦਾ ਜਾਂਦਾ ਹੈ, ਫਿਰ ਜਗੋਂ ਤੇਰਵੀਂ ਕਰਦਿਆਂ ਇਹੀ ਜਥੇਦਾਰ "ਉਦਾਸੀ ਦੀ ਰੀਤ ਚਲਾਈ" ਦੀ ਆੜ ਲੈਕੇ ਇਕ ਹੋਰ ਸਿਖ ਰਹਿਤ ਮਰਿਆਦਾ ਤੋਂ ਉਲਟ ਚਲਦਿਆਂ ਨੂੰ ਵੀ ਪੰਥਕ ਕਹਿ ਛਡਦਾ ਹੈ। ਇਹ ਸਾਰੀ ਘੁਸਪੈਠ ਦਾ ਮੁਢ ਵੀ "ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ" ਤੋਂ ਹੀ ਬਝਦਾ ਹੈ।
Bhai Sahib Jeewan Singh ji |
ਇਸਦਾ ਅਰਥ ਹਰਗਿਜ਼ ਇਹ ਨਹੀ ਕੇ ਕਿਸੇ ਵਿਅਕਤੀ ਵਿਸ਼ੇਸ਼ ਜਾਂ ਸਮੂਹ ਦੇ ਗੁਣਾ ਦਾ ਸਤਿਕਾਰ ਨਹੀ ਕਰਨਾ। ਪਰ ਸਿੱਖ ਨੇ ਸਾਂਝ ਕੇਵਲ ਅਕਾਲ ਪੁਰਖ ਵਾਹਿਗੁਰੂ , ਗੁਰੂ ਨਾਨਕ ਸਰੂਪ ਸ਼ਬਦ ਗੁਰੂ ਸ੍ਰੀ ਗੁਰੂ ਗਰੰਥ ਸਾਹਿਬ ਜੀ ਜਾਂ ਗੁਰੂ ਦੀ ਵਰੋਸਾਈ ਸਤਿਸੰਗਤ ਨਾਲ ਹੀ ਪਾਉਣੀ ਹੈ। ਸਿੱਖ ਹਰ ਪ੍ਰਾਣੀ ਮਾਤਰ ਦਾ ਸਤਿਕਾਰ ਕਰਦਾ ਹੈ ਪਰ ਗੁਰੂ ਦੇ ਹੁਕਮ ਤੇ ਪਹਿਰਾ ਦੇਂਦਿਆ ਆਪਣੀ ਆਸਥਾ ਕੇਵਲ ਅਤੇ ਕੇਵਲ ਗੁਰੂ ਦੇ ਬਚਨਾ ਪਰ ਰਖਦਾ ਹੈ।
ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥
:- ਜੇ ਕਸੇ ਮਨੁੱਖ ਪਾਸ ਸੁਗੰਧੀ ਦੇਣ ਵਾਲੀਆਂ ਚੀਜ਼ਾਂ ਨਾਲ ਭਰਿਆ ਡੱਬਾ ਹੋਵੇ, ਉਸ ਡੱਬੇ ਦਾ ਲਾਭ ਉਸ ਨੂੰ ਤਦੋਂ ਹੀ ਹੈ ਜੇ ਉਹ ਡੱਬਾ ਖੋਹਲ ਕੇ ਉਹ ਸੁਗੰਧੀ ਲਏ। ਗੁਰੂ ਅਤੇ ਗੁਰਮੁਖਾਂ ਦੀ ਸੰਗਤ ਗੁਣਾਂ ਦਾ ਡੱਬਾ ਹੈ। ਐਸੇ ਸੁਗੰਧੀ ਦੇ ਡੱਬੇ, ਗੁਰੂ ਅਤੇ ਗੁਰਮੁਖਾਂ ਦੀ ਸੰਗਤ, ਨੂੰ ਖੋਹਲ ਕੇ ਗੁਣਾਂ ਰੂਪੀ ਸੁਗੰਧੀ ਲੈਣੀ ਚਾਹੀਦੀ ਹੈ।
ਜੇ ਗੁਣ ਹੋਵਨ੍ਹਿ ਸਾਜਨਾ ਮਿਲਿ ਸਾਝ ਕਰੀਜੈ ॥
ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ ॥
:- (ਹੇ ਭਾਈ!) ਜੇ ਤੂੰ ਚਾਹੁੰਦਾ ਹੈਂ ਕਿ ਤੇਰੇ ਅੰਦਰ ਗੁਣ ਪੈਦਾ ਹੋਣ, ਤਾਂ ਗੁਰੂ ਜਾਂ ਗੁਰਮੁਖਾਂ ਨੂੰ ਮਿਲ ਕੇ ਉਹਨਾਂ ਨਾਲ ਗੁਣਾਂ ਦੀ ਸਾਂਝ ਕਰਨੀ ਚਾਹੀਦੀ ਹੈ। ਇੰਝ ਗੁਣਾਂ ਦੀ ਸਾਂਝ ਕਰਦਿਆਂ ਆਪਨੇ ਅੰਦਰੋਂ ਔਗੁਣ ਿਤਆਗ ਕੇ ਅਮੋਲਕ ਜੀਵਨ ਸਫਲ ਹੋਂਦਾ ਹੈ।
ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ॥
ਗੁਰੂ ਕਿਰਪਾ ਕਰੇ ਸਾਨੂੰ ਗੁਰਮੁਖਾਂ ਦੀ ਸੰਗਤ ਵਿਚ ਗੁਣਾ ਦੀ ਸਾਂਝ ਕਰਨ ਦੀ ਜੁਗਤ ਆ ਜਾਏ। ਗੁਰੂ ਸਾਹਿਬ ਅਗੇ ਅਰਜ਼ੋਈ ਕਰੀਏ ਕਿ ਅਸੀਂ ਐਸੇ ਬਹਿਰੂਪੀਆਂ ਨੂੰ ਪਛਾਣ ਸਕੀਏ ਜਿਹੜੇ ਵਿਖਾਵੇ ਦੇ ਗੁਣ ਧਾਰਨ ਕਰਕੇ ਸਾਨੂੰ ਗੁਰਮਤ ਗਾਡੀ ਰਾਹ ਤੋਂ ਭਰਮਾਉਣ ਲਈ ਕੂੜ ਕਪਟ ਕਮਾਉਂਦੇ ਹਨ।